Tuesday, February 17, 2009

ਆਪਣੀ ਗ਼ੈਰਹਾਜ਼ਰੀ ਵੇਲ਼ੇ
ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ
ਉਂਝ ਮੈਂ ਸੁਣਿਐ
ਉਹ ਆਪਣੇ ਕੁੱਝ ਕੁ ਦੋਸਤਾਂ ਕੋਲ਼ ਜ਼ਰੂਰ ਜਾਂਦੈ
ਅੱਥਰੂ ਕੇਰਦੈ
ਅਤੇ ਆਪਣੇ ਨਸੀਬਾਂ ਦੀ ਵਹੀ ਉੱਪਰ ਦਸਤਖ਼ਤ ਕਰਕੇ
ਅੱਧਾ ਕੁ ਬਣਕੇ ਵਾਪਸ ਪਰਤ ਆਉਂਦੈ
ਅਤੇ ਇਕੱਲਾ ਬੈਠਕੇ.......
ਰੇਗਿਸਤਾਨ ‘ਚ ਮੱਚ ਮੋਈ
ਸਿਖ਼ਰ ਦੁਪਹਿਰ ਦਾ ਮਰਸੀਆ ਗਾਉਂਦੈ
ਆਪਣੇ ਵਹਿ ਚੁੱਕੇ
ਵਰ੍ਹਿਆਂ ਕੋਲ਼ ਬਾਤ ਪਾਉਂਦੈ
----
ਮੇਰਾ ਜੇ ਜ਼ਿਕਰ ਚੱਲੇਗਾ
ਤਾਂ ਏਨਾ ਕੁ ਚੱਲੇਗਾ
-ਮੁਹੱਬਤ ਮਨ ਉੱਤੇ ਸ਼ਹਿਤੂਤ ਬਣਕੇ ਫੈਲੀ ਤਾਂ ਸੀ
ਪਰ ਛਾਂ ਨਾ ਦੇ ਸਕੀ
ਅੱਖਾਂ ਸਾਹਵੇਂ ਵਹਿੰਦੀ ਨਦੀ ‘ਚ ਡੁੱਬਿਆ ਤਾਂ ਸੀ
ਪਰ........................
ਸਿਰ ਉੱਤੋਂ ਗੁਜ਼ਰਦੇ ਪਾਣੀ ਦਾ
ਤਾਪ ਨਾ ਮਿਣ ਸਕਿਆ
----
ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ
ਉਂਝ ਮੈਂ ਕੋਲ਼ ਬਹਿਕੇ ਤੱਕਿਐ
ਉਹ ਆਪਣੇ ਮਨ ਦੇ ਸੰਘਣੇ ਜੰਗਲ ‘ਚ ਗੁਆਚਿਆ ਰਹਿੰਦੈ
ਬਿਰਖਾਂ ਦੀਆਂ ਪਪੀਸੀਆਂ ਉੱਤੇ ਵੈਣ ਲਿਖਕੇ
ਇਹੀਉ ਡੁਸਕਦਾ ਰਹਿੰਦੈ
ਆਪਣੇ ਹੀ ਮਨ ਦੀ ਧੁੱਪ
ਦੁਸ਼ਮਣ ਕਿਉਂ ਬਣ ਜਾਂਦੀ ਐ
ਆਪਣੇ ਹੀ ਵਿਹੜੇ ਦੀ ਛਾਂ
ਆਪ ਨੂੰ ਹੀ ਕਿਉਂ ਖਾਂਦੀ ਐ
ਅਤੇ
ਉਦਾਸੀ ਰੰਗੇ ਪੱਤਿਆਂ ਨੂੰ ਦੱਸਣ ਲੱਗ ਪੈਂਦੈ
----
ਮੇਰਾ ਜੇ ਜ਼ਿਕਰ ਚੱਲੇਗਾ
ਤਾਂ ਏਨਾ ਕੁ ਚੱਲੇਗਾ
-ਉਹ ਹਰ ਰਾਤ
ਸਿਵਿਆ ‘ਚ ਖੋਦੀ ਇੱਕ ਕਬਰ ‘ਤੇ ਜਾਂਦਾ ਸੀ
ਅਤੇ
ਉਸ ਉੱਤੇ ਖੁਣੇ
ਇੱਕ ਮਾਸੂਮ ਜਿਹੇ ਨਾਮ ਤੋਂ ਪੁੱਛਦਾ ਸੀ
-ਸਬਰ ਵੀ ਨਾ ਕੀਤਾ ਗਿਆ
ਤੇ ਘੁੱਟ ਵੀ ਨਾ ਭਰਿਆ ਗਿਆ
ਹਥੇਲੀਆਂ ਦੇ ਪਾਣੀ ਨੂੰ
ਇੰਝ ਹੀ ਸੁੱਤੇ ਰਹਿਣਾ ਚਾਹੀਦਾ ਸੀ
ਦਲਦਲ ਬਣਕੇ
ਉਸਨੇ ਮੇਰੇ ਨਾਲ ਇਨਸਾਫ਼ ਨਈਂ ਕੀਤਾ
----
ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ
ਉਂਝ ਮੈਂ ਕੋਲ ਬਹਿਕੇ ਦੇਖਿਐ
ਉਹ ਆਪਣੀ ਹਰ ਰਾਤ ਦੇ ਵਕਤ ਨਾਲ਼ ਕਿਰਦਾ ਰਹਿੰਦੈ
ਕੱਫ਼ਣ ਵਰਗੀ ਰਾਤ ਦੇ ਜਦੋਂ ਮਰਗ ‘ਤੇ ਬਹਿੰਦੈ
ਤਾਂ ਭੁਰਦੀਆਂ ਕੰਧਾਂ ਵੱਲ ਵੇਖਕੇ ਇਹੋ ਸੋਚਦੈ....
...............................
-ਜ਼ਿੰਦਗੀ
ਪੌਣ ‘ਚ ਪਰੋਈ ਇਬਾਰਤ ਦਾ ਨਾਂ ਹੈ
ਜਾਂ ਕਿ-
ਜਿਸਮ ‘ਤੇ ਜਿਊਂਏ ਤੂਫ਼ਾਨਾਂ ਦੀ ਪਹਿਲੀ ਚੀਕ
ਤੇ ਫਿਰ ਉਦਾਸੀ ‘ਚ ਸਿਰ ਸੁੱਟਕੇ ਦੱਸਣ ਲੱਗ ਪੈਂਦੈ
-ਆਮਦ ਤਾਂ ਖ਼ਤਾਂ ਦੀ ਵੀ ਤੂਫ਼ਾਨਾਂ ਵਰਗੀ ਹੁੰਦੀ ਐ
ਫਿਰ ਉਹ
ਮਨ ਦੀ ਅਮੀਰੀ ਤੱਕ ਹੀ
ਸੀਮਤ ਕਿਉਂ ਰਹਿ ਜਾਂਦੇ ਨੇ ?
..........
ਪੌਣ ‘ਚ ਸੁੱਟਿਆ ਚਿਹਰਾ
ਝੁਲਸਕੇ ਕਿਉਂ ਪਰਤ ਆਉਂਦੈ ?
..........
ਫਿਰ ਆਪ ਹੀ ਆਖਦੈ…
ਤੁਹਾਡਾ ਆਪਣਾ ਨਾਮ ਵੀ ਬਲਣ ਲੱਗ ਪਵੇਗਾ
ਤੁਸੀਂ ਕਦੇ ਆਪਣੇ ਹੱਥਾਂ ‘ਚ ਫੜਕੇ ਤਾਂ ਦੇਖੋ
ਕਦੇ ਆਪਣੇ ਹੀ ਪੋਟਿਆਂ ‘ਤੇ ਸੇਕ ਕੇ ਤਾਂ ਦੇਖੋ
----
ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ
ਮੈਂ ਉਹਦਾ ਮੱਥਾ ਫੜਨ ਦੀ ਕੋਸ਼ਿਸ਼ ਤਾਂ ਕੀਤੀ ਸੀ
ਪਰ ਉਹ ਚੀਖਣ ਲੱਗ ਪਿਆ
-ਤੂੰ ਸੁਪਨੇ ਨਹੀਂ ਜੀਅ ਸਕਦਾ
ਪਰ ਮੈਂ ਜੀ ਕੇ ਦੇਖੇ ਨੇ
ਤੂੰ ਇਲਜ਼ਾਮ ਪੀ ਨਹੀਂ ਸਕਦਾ
ਪਰ ਮੈਂ ਪੀ ਕੇ ਦੇਖੇ ਨੇ
-ਤੂੰ ਲਾਡਲੇ ਫੁੱਲਾਂ ਨੂੰ ਪਾਣੀ ਲਾ ਨਹੀਂ ਸਕਦਾ
ਪਰ ਮੈਂ ਲਾਕੇ ਦੇਖੇ ਨੇ
ਤੂੰ ਮਰੂਏ ਦੇ ਬੀਅ ਉਗਾ ਨਹੀਂ ਸਕਦਾ
ਪਰ ਮੈਂ ਉਗਾ ਕੇ ਦੇਖੇ ਨੇ.. ..
----
ਉਂਝ ਮੈਂ ਉਸਨੂੰ ਜਾਂਦੇ ਨੂੰ
ਤੇ ਮਕਬਰੇ ਹੇਠ ਬਹਿੰਦੇ ਨੂੰ ਵੇਖਿਐ
ਉਹ ਅੱਜ ਵੀ ਮਕਬਰੇ ਹੇਠ ਬੈਠਦੈ
ਦੁਆਲੇ ਫੈਲੀ ਸਲਾਭੀ ਪੌਣ ਉੱਪਰ
ਆਪਣੀ ਨਦੀ ਦੀ ਨਮੀ ਪੀਣ ਦਾ ਇਲਜ਼ਾਮ ਲਾਉਂਦੈ
----
ਕਦੇ ਕਦੇ ਉੱਠਦੈ
ਦੋਸਤਾਂ ਕੋਲ ਜਾ ਆਉਂਦੈ
ਉਂਝ ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ
ਬਿਲਕੁਲ ਵੱਖਰਾ ਹੋ ਕੇ ਬੀਤਣ ਲੱਗ ਪਿਐ… ..!