ਵਾਪਸ ਪਰਤ ਆ...
ਤੂੰ ਅੱਥਰੂਆਂ ਨੂੰ
ਮਿਲ਼ ਕੇ ਮੜ੍ਹੀ ‘ਤੇ
ਵਾਪਸ ਹੀ ਪਰਤ ਆ
..............
ਇੱਥੇ ਤਾਂ ਹਰ ਕੋਈ
ਉਹਨਾਂ ਦੇ ਸਿਰ
ਇਲਜ਼ਾਮਾਂ ਦਾ
ਸਿਹਰਾ ਬੰਨ੍ਹਣ ਹੀ ਆਉਂਦਾ ਹੈ
ਅਤੇ ਉਹਨਾਂ ਦੀ ਸਲਤਨਤ ਦੀ
ਪਰਕਰਮਾ ਕਰਦਾ
ਆਪਣੇ ਰਾਹਾਂ ਤੇ ਜਾ ਕੇ ਕਹਿਕਹੇ ਲਾਉਂਦਾ ਹੈ
.............
ਤੂੰ ਅੱਥਰੂਆਂ ਨੂੰ
ਮਿਲ਼ ਕੇ ਮੜ੍ਹੀ ‘ਤੇ
ਵਾਪਸ ਹੀ ਪਰਤ ਆ
..................
ਬੜਾ ਇਤਿਹਾਸ ਭੋਗਿਆ ਹੈ ਉਹਨਾਂ-
ਜਦੋਂ ਖੰਡਰ ਬਣੇ ਸਨ
ਤਾਂ-
ਸਾਰੇ ਦੇ ਸਾਰੇ ਗ਼ਰਕ ਹੋ ਜਾਂਦੇ ਸਨ
ਮੀਨਾਰ-
ਤਾਂ ਨੀਂਹਾਂ ‘ਚੋਂ
ਕਈ ਹੱਸਦੇ ਚਿਹਰੇ ਨਜ਼ਰ ਆਉਂਦੇ ਸਨ
.................
ਚਾਨਣ ਬਣਦੇ ਸਨ
ਤਾਂ-
ਪਥਰੀਲੇ ਬੋਲਾਂ ਨੂੰ ਵੀ
ਬੰਸਰੀ ਬਣ ਕੇ ਮੁਖ਼ਾਤਿਬ ਹੁੰਦੇ ਸਨ
ਤੇ ਜਦ ਹਨੇਰਾ
ਤਾਂ-
ਕਬਰਾਂ ‘ਚੋਂ ਸਿਸਕੀਆਂ ਸੁਣਦੀਆਂ ਸਨ
..............................
ਹਾਦਸਾ ਤਾਂ
ਤੇਰੇ ਅੱਥਰੂਆਂ ਦੀ
ਤਲ਼ੀ ਤੇ ਉੱਕਰਿਆ ਵੀ
ਗੁੰਮਨਾਮੀ ਦੀ ਉਮਰ ਹੀ ਭੋਗਦਾ ਸੀ
.....................
ਜਦ ਉਹ ਕਿਸੇ ਵੀ ਗੀਤ ਨੂੰ
ਮਰਸੀਆ ਬਣਿਆ ਤੱਕਦੇ ਸਨ
ਤਾਂ-
ਆਪਣੇ ਹੀ
ਅਣ-ਪਛਾਣੇ ਬੋਲਾਂ ਦੇ ਪਰਦੇ ‘ਚ ਤੁਰਦੇ
ਇੰਨੇ ਖ਼ਾਮੋਸ਼ ਹੋ ਜਾਂਦੇ ਸਨ
ਕਿ-
ਕ਼ਤਲਗਾਹ ਦਾ ਖ਼ੌਫ਼ ਵੀ
ਚਲਿਆ ਜਾਂਦਾ ਸੀ
ਦੂਰ
...........
ਤੇਰੇ ਸਿਵਾ ਉਹਨਾਂ ਨੂੰ
ਕੋਈ ਨਾ ਮਿਲ਼ਿਆ
ਜੋ ਉਹਨਾਂ ਦੀ ਕ਼ਬਰ ਦੇ ਕੁਤਬੇ ਤੇ
ਵਿਰਲਾਪ ਦੀਆਂ
ਚਾਰ
ਆਇਤਾਂ ਲਿਖ ਸਕੇ
ਉਹਨਾਂ ਦੀ ਰੂਹ ਦੇ ਸ਼ਲੋਕਾਂ ਨੂੰ
ਆਪਣੇ ਮਨ ‘ਚ ਉਤਾਰ ਸਕੇ
ਅਤੇ-
ਉਹਨਾਂ ਦੇ ਚਿਹਰੇ ਦੀ ਚੁੱਪ ਨੂੰ
ਆਪਣੇ ਮੱਥੇ ‘ਚ ਸਿਰਜ ਸਕੇ
......................
ਹੁਣ ਤਾਂ
ਉਹਨਾਂ ਨੂੰ ਜੋ ਵੀ ਤੱਕਦਾ ਹੈ
ਬੱਸ ਰੇਤਲਾ ਹਾਸਾ ਹੱਸਦਾ ਹੈ
ਅਤੇ ਉਹਨਾਂ ਦੇ ਤਪ ਨੂੰ
ਦਰ-ਬ-ਦਰ ਦਾ
ਕਾਲ਼ਾ ਦਾਗ਼ ਕਹਿ ਕੇ ਭੰਡਦਾ ਹੈ
...............
ਤੂੰ ਅੱਥਰੂਆਂ ਨੂੰ
ਮਿਲ਼ ਕੇ ਮੜ੍ਹੀ ‘ਤੇ
ਵਾਪਸ ਹੀ ਪਰਤ ਆ