ਜਿਉਂਦੇ ਆਦਮੀ ਦਾ ਸਰਲ ਅਨੁਵਾਦ - ਮੋਹਨ ਸਪਰਾ
ਕਾਵਿ-ਚਿੱਤਰ
ਜਦੋਂ ਵੀ ਮਿਲ਼ਦਾ ਹੈ
ਉਸਨੂੰ ਅੱਗ ਲੱਗੀ ਹੁੰਦੀ ਹੈ
ਤੇ ਉਹ ਮੈਨੂੰ
ਅੰਦਰੋਂ
ਸਾਰੇ ਦਾ ਸਾਰਾ ਝੁਲ਼ਸ ਦਿੰਦਾ ਹੈ
............
ਰਾਖ ਦੀ ਢੇਰੀ ‘ਚੋਂ
ਤੁਸੀਂ ਉਸਦਾ ਤਾਂਡਵ ਵੇਖ ਸਕਦੇ ਹੋ
ਪਰ ਉਹ
ਮੇਰੇ ਅੰਦਰ ਕਿਧਰੇ
ਨਾਗਮਣੀ ਸਾਂਭ ਰਿਹਾ ਹੁੰਦਾ ਹੈ
............
ਵੋਦਕਾ ਦੇ ਨਸ਼ੇ ਵਾਂਗ ਗੱਲਾਂ ਕਰਦਾ
ਉਹ ਤੁਹਾਡੇ ਅੰਦਰ
ਜ਼ਹਿਰ ਦਾ ਛਿੱਟਾ ਦਿੰਦਾ ਹੈ
ਤੇ ਤੁਸੀਂ ਜਦੋਂ
ਜ਼ਹਿਰ ਆਪਣੀਆਂ ਨਾੜਾਂ ‘ਚ
ਉੱਤਰਦਾ ਮਹਿਸੂਸ ਕਰਦੇ ਹੋ
ਤਾਂ ਉਹ ਵਰਤਮਾਨ ਦੀ
ਖੂਹੀ ‘ਚ
ਉੱਤਰ ਰਿਹਾ ਹੁੰਦਾ ਹੈ
ਤੇ ਤੁਸੀਂ
ਉਸਦੇ ਨਾਲ ਤੁਰ ਰਹੇ ਹੁੰਦੇ ਹੋ
................
ਉਹ ਅੰਦਰੋਂ ਡੂੰਘਾ ਹੈ
ਵਾਨਗਾੱਗ ਦੇ ਚਿੱਤਰਾਂ ਜਿੰਨਾਂ
ਤੇ ਸ਼ੋਭਾ ਸਿੰਘ ਦੀਆਂ ਬੁਰਸ਼ ਛੋਹਾਂ ਜਿੰਨਾਂ
ਉਪਰੋਂ ਸਰਲ ਹੈ
ਤਰਲ ਵੀ
............
ਤੇ ਜੁਝਾਰੂ ਵੀ
.............
ਸੰਦੀਪਿਕਾ
ਉਸਦੀ ਪਤਨੀ ਨਹੀਂ
ਪੂਰਣ ਪ੍ਰੇਮਿਕਾ ਹੈ
ਜੇ ਉਹ ਪਤਨੀ ਤੱਕ ਹੀ ਮਹਿਦੂਦ ਹੁੰਦੀ
ਤਾਂ ਉਹ ਸ਼ਾਇਰ ਨਹੀਂ
ਇੱਕ
ਚਿੜਚਿੜਾ
ਅਧਿਆਪਕ ਹੋਣਾ ਸੀ
................
ਖਾਣ ਵਿੱਚ ਉਹ
ਪਾਪੜ ਵਰਗਾ ਚਟਪਟਾ ਹੈ
( ਮੇਰੇ ਲਈ )
ਤੁਸੀਂ ਕਿਤੇ
ਇਹ ਉਮੀਦ ਰੱਖਕੇ ਨਾਂ ਆ ਜਾਇਓ
ਕਿ ਉਹ
ਹਰ ਕਿਸੇ ਦੇ ਮੂੰਹ ਦਾ ਸੁਆਦ ਹੈ
ਇਉਂ ਤਾਂ ਉਹ
ਕਈਆਂ ਦੀਆਂ ਨਜ਼ਰਾਂ ਵਿੱਚ
ਦੂਰੋਂ ਹੀ
ਲਿਜਲਿਜਾ ਬਣਕੇ ਉਤਰਦਾ ਹੈ
( ਕਈ ਵਾਰ
ਛਾਂ ਵਿੱਚ ਫੁੰਕਾਰਦਾ
ਸੱਪ ਬਣਕੇ ਵੀ )
ਜਦੋਂ ਵੀ ਮਿਲਦਾ ਹੈ
ਉਹਦੇ ਸਿਰ ਤੇ ਸਵਾਰ ਹੁੰਦਾ ਹੈ –ਤੂਫ਼ਾਨ
ਤੇ ਉਹ ਤਹਾਨੂੰ
ਤੀਲਾ ਤੀਲਾ ਕਰ ਦਿੰਦਾ ਹੈ
ਖਿੰਡੇ ਆਲ੍ਹਣੇ ‘ਚੋਂ
ਤੁਸੀਂ ਉਹਦੇ
ਬੋਟਾਂ ਦਾ ਚਿਹਰਾ ਵੇਖਣਾ ਚਾਹੁੰਦੇ ਹੋ
ਪਰ ਉਹ ਤੁਹਾਡੇ ਅੰਦਰ ਕਿਧਰੇ
ਚੋਗਾ ਬਿਖੇਰ ਰਿਹਾ ਹੁੰਦਾ ਹੈ
..............
ਉਹ ਪੰਜਾਬੀ ਵਾਲ਼ਿਆਂ ਦਾ ਯਾਰ ਹੈ
ਤੇ ਹਿੰਦੀ ਦਾ ਕਿਣਮਿਣਾ ਨਜ਼ਮਗਰ
ਜਦੋਂ ਕੜਕੜਾ ਸਮੀਖਿਅਕ ਹੁੰਦਾ ਹੈ
ਤਾਂ ਦੁਸ਼ਮਣੀ ਭੋਗਣ ਲਈ
ਅਹਿਸਾਸ
ਉਹਦੇ ਕਰਜ਼ਦਾਰ ਹੁੰਦੇ ਹਨ
................
ਜਦੋਂ ਉਹ
ਦੁਸਮਣਾਂ ਦੇ ਸਿਰ ਔੜ ਬੀਜਦਾ ਹੈ
ਤਾਂ ਮੈਂ
ਬੱਦਲਾਂ ਵਰਗੀ ਨਜ਼ਮ ਲਿਖਦਾ ਹਾਂ
ਤੇ ਜਦੋਂ ਯਾਰਾਂ ਨੂੰ ਜੱਫੀਆਂ ਪਾਉਂਦਾ ਹੈ
ਮੈਂ ਔੜ ਵਰਗੀ ਨਜ਼ਮ ਤਾਂ ਨਹੀਂ
ਉਹਦੇ –
ਦੁਸ਼ਮਣਾਂ ਦੇ ਸਿਰ ‘ਚੋਂ
ਰੇਤ ਜ਼ਰੂਰ ਝਾੜਦਾ ਹਾਂ
...............
ਵਾਰ ਵਾਰ ਹਾਰ ਪਹਿਨਦਾ
ਉਹ ਜਿਉਂਦੇ ਆਦਮੀ ਨੂੰ ਕ਼ੈਦ ਕਰਦਾ ਹੈ
ਤੇ ਕਈ ਵਾਰ ਮਿਲਦਾ ਉਹ
ਸੁਪਨੇ ਦੀ ਦਹਿਲੀਜ਼ ਹੁੰਦਾ ਹੈ
ਜੋ ਤਹਾਨੂੰ ਆਪਣੇ ‘ਚੋਂ
ਬਾਹਰ ਨਹੀਂ ਆਉਣ ਦਿੰਦਾ
...................
ਤੁਸੀਂ ਵਾਪਸ ਪਰਤਦੇ ਹੋ
ਉਸ ਦੁਆਲੇ ਭੀੜ ਕਰਦੇ ਹੋ
ਅਤੇ ਉਸ’ਚੋਂ ਜੋ ਨੋਚਣਾ ਚਾਹੁੰਦੇ ਹੋ
ਉਸਦਾ ਤਾਂ ਮੈਂ
ਅਨੁਵਾਦ ਕਰ ਚੁੱਕਾਂ
ਉਸਦੇ ਅੰਦਰ ਡੁੱਬਕੇ
ਪਰ- ਇਹ ਸਫ਼ਲ ਹੋ ਗਿਐ
ਜੋ ਤਹਾਨੂੰ ਨਹੀਂ
ਮੈਨੂੰ ਜਚਿਆ ਹੈ!





