ਗੀਤ
ਮੇਰੇ ਗੀਤਾਂ ਨੂੰ ਉਦਾਸੀਆਂ ‘ਚ ਡੁੱਬ ਲੈਣ ਦੇ,
ਪਾ ਨਾ ਝਾਂਜਰਾਂ ਦਾ ਸ਼ੋਰ।
ਮੈਨੂੰ ਆਪਣੀ ਕਬਰ ਅੱਜ ਪੁੱਟ ਲੈਣ ਦੇ,
ਪਾ ਨਾ ਝਾਂਜਰਾਂ ਦਾ ਸ਼ੋਰ।
ਜਦੋਂ ਧੁੰਦ ਦਿਆਂ ਬੱਦਲ਼ਾਂ ਨਾਲ਼ ਵਾਹ ਪੈ ਗਿਆ,
ਚਿੱਟੇ ਮੀਂਹ ਦੇ ਭੁਲੇਖੇ ਹਉਕਾ ਪੱਲੇ ਪੈ ਗਿਆ।
ਬੂਹੇ ਆਏ ਹਾਉਕਿਆਂ ਨੂੰ ਵਿਹੜੇ ਬਹਿਣ ਦੇ...
ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....
----
ਰੋਸਾ ਕਾਹਤੋਂ ਪਰਛਾਵਿਆਂ ਤੇ ਕਰਦਾ ਫਿਰਾਂ,
ਅੱਕ ਫੰਭੜੀ ਹਨੇਰਿਆਂ ‘ਚੋਂ ਫੜਦਾ ਫਿਰਾ।
ਬੂਟੇ ਪੱਟੀਂ ਨਾ ਅੱਕਾਂ ਦੇ ਘਰੋਂ ਖੜ੍ਹੇ ਰਹਿਣ ਦੇ...
ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....
----
ਮੇਰਾ ਮਾਰੂਥਲੀ ਲੀਕ ਜਿੰਨਾ ਕੱਦ ਰਹਿ ਗਿਆ,
ਕੌਣ ਵਾਵਰੋਲ਼ਾ ਸਿਰ ਤੋਂ ਛੁਹਾ ਕੇ ਲੈ ਗਿਆ।
ਕਾਹਤੋਂ ਚੇਤਿਆਂ ‘ਚੋਂ ਲੱਥਾ ਚੰਦਰੀ ਸ਼ੁਦੈਣ ਦੇ...
ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....
----
ਤਲ਼ੀਆਂ ਦੇ ਪਾਣੀਆਂ ਤੋਂ ਫੁੱਲ ਸੁੱਕ ਗਏ,
ਅਣਪਾਏ ਪੈਣ ਛਾਤੀ ਵਿਚ ਮੁੱਕ ਗਏ।
ਠੰਢੀ ਚੁੱਪ ਨੂੰ ਪੌਣਾਂ ਦੇ ਸੰਗ ਪੁੱਗ ਲੈਣ ਦੇ...
ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....